Search This Blog

Sunday, November 14, 2010

ਅੱਤਵਾਦੀ


ਪਿਛਲੇ ਦਿਨੀਂ ਕੇਂਦਰ ਸਰਕਾਰ ਨੇ ਬੰਗਾਲ 'ਚ ਸੀ.ਪੀ.ਐੱਮ ਸਰਕਾਰ ਦੀ ਗੁੰਡਾ ਗਰਦੀ ਵਿਰੁਧ ਲਾਲਗੜ੍ਹ 'ਚ ਝੰਡਾ ਬੁਲੰਦ ਕਰਨ ਵਾਲੇ ਮਾਓਵਾਦੀਆਂ 'ਤੇ ਨਕਸਲੀਆਂ ਨੂੰ ਅੱਤਵਾਦੀ ਐਲਾਨ ਦਿੱਤਾ। ਮੇਰਾ ਜਨਮ 84 ਦਾ ਹੈ ਤੇ ਇਹ ਅੱਤਵਾਦੀ ਸਬਦ ਨਾਲ ਮੇਰੀ ਜਾਣ-ਪਛਾਣ ਹੋਸ਼ ਸੰਭਾਲਣ ਤੋਂ ਹੀ ਹੈ ।ਸੋ ਹੱਡਬੀਤੀ ਤੇ ਲਾਲਗੜ੍ਹ ਦੀਆਂ ਘਟਨਾਵਾਂ ਨੇ ਇਹ ਕੱਚ-ਕੜੀੜ ਤੁੱਕ ਜੋੜ ਲਿਖਵਾਇਆparho -ਚਰਨਜੀਤ ਸਿੰਘ ‘ਤੇਜਾ’

ਜਦੋਂ ਮੈ ਹੋਸ਼ ਸੰਭਾਲੀ ਹੀ ਸੀ
ਸੋਚ ਦਾ ਭਾਡਾਂ ਖਾਲੀ ਹੀ ਸੀ
ਸ਼ੰਕਾਂ, ਕੋਈ ਸੁਆਲ ਨਹੀਂ ਸੀ
ਅਕਲਾਂ ਦੀ ਕੋਈ ਕਾਹਲ ਨਹੀਂ ਸੀ

ਜਦ ਨਵੀਂ ਨਵੀਂ ਕੋਈ ਗੱਲ ਸਿੱਖਦੇ ਸੀ
ਉਹਨੂੰ ਕਈ ਕਈ ਦਿਨ ਚਿੱਥਦੇ ਸੀ
ਸਿੰਘ-ਪੁਲੀਸ, ਸ਼ਹੀਦ ਤੇ ਮਰਨਾਂ
ਅਰਥਾਂ ਵਿਚਲੇ ਫਰਕ ਮਿਥਦੇ ਸੀ

ਇੱਕ ਦਿਨ ਖੂ’ਤੇ ਬੰਬੀ ਥੱਲੇ ਨਾਂਵਾਂ
ਡੈਡੀ ਕਹਿੰਦਾਂ “ਪਿੰਡ ਪੱਠੇ ਸੁੱਟ ਆਵਾਂ”
ਸਿਰ ਨਾਂ ਭਿਉਈ ,ਕਹਿ ਉਹ ਤੁਰ ਗਿਆ
ਮੈਂ ਤੂਤਾਂ ਥੱਲਿਓ ‘ਗੋਲਾਂ’ ਚੁਗ ਖਾਵਾਂ

ਅੱਜ ਵੀ ਯਾਦ ਨੇ ਉਹ ਟੋਪਾਂ ਵਾਲੇ
ਬਿਨ ਦਾੜੀ, ਕੱਲੀਆ ਮੁੱਛਾਂ, ਰੰਗ ਉਨਾਂ ਦੇ ਛਾਹ ਕਾਲੇ
ਜਾਣਦਾ ਸੀ ਭਈ, ਇਹ ਸੀ ਆਰ ਪੀ. ਏ
ਭਾਵੇਂ ਅੱਗੋਂ ਪਿਛੋਂ ਕਹੀਦਾ ਸੀ ‘ਸਾਲੇ’

ਆ ਬੰਬੀ ਵਾਲੇ ਕੋਠੇ ਅੱਗੇ
ਆਪਸ ਵਿੱਚ ਉਹ ਗੱਲੀਂ ਲੱਗੇ
“ਓ ਲੜਕੇ ‘ਖਟੀਆਂ ਹੈ ਕਿਆਂ!”
ਮੈਨੂੰ ਤਾਂ ਕੁਝ ਸਮਝ ਨਾਂ ਲੱਗੇ

ਫਿਰ ਇੱਕ ਨੇ ਦੂਜੇ ਨੂੰ ਕੁਝ ਕਿਹਾ
ਮੈਂ ਡਰਿਆ ਸਹਿਮਿਆਂ ਖੜਾ ਰਿਹਾ
‘ਖੱਟੀ ਪਟਕੀ’ ਵੱਲ ਇਸ਼ਾਰਾ ਕਰਕੇ
ਕਹਿੰਦਾ, “ਅਰੇ ਤੂੰ ਅੱਤਵਾਦੀ ਹੈ ਕਿਆਂ?”

ਫਿਰ ਉਹ ਮੇਰੇ ਕੱਛੇ ‘ਤੇ ਹੱਸੇ
ਭਿਆਨਕ ਚਿਹਰੇ ਮੇਰੇ ਮਨ ‘ਚ ਵੱਸੇ
“ਭਿੰਡਰਾਵਾਲੇ ਕੀ ਨਿਕਰ ਪਹਿਨਾ”
ਸ਼ਬਦ ਸਾਰੇ ਮੈਂ ਸਾਂਭ ਕੇ ਰੱਖੇ

ਫਿਰ ਇਹ ਸ਼ਬਦ ਸੁਆਲ ਬਣ ਗਏ
ਬੇਹੂਦਾ ਫਿਕਰੇ ਗਾਲ ਬਣ ਗਏ
‘ਅੱਤਵਾਦੀ ਤੇ ਖੱਟਾ ਪਟਕਾ’
ਅਰਥਾਂ ਦੀ ਉਹ ਭਾਲ ਬਣ ਗਏ

ਭਾਲ ਭਾਲ ਕੇ ਇਹ ਗੱਲ ਜਾਣੀ
ਵੰਡ ਤੋਂ ਪਿਛੋਂ ਦੀ ਦਰਦ ਕਹਾਣੀ
ਆਪਣੇ ਹੀ ਘਰ ਅੱਤਵਾਦੀ ਕਹਾਏ
ਜਦ ਮਾਂ ਬੋਲੀ, ਧਰਮ ਤੇ ਖੋਹੇ ਪਾਣੀ

ਮਾਰਿਆ ਕੁਟਿਆ ‘ਤੇ ਰੋਣ ਵੀ ਨਹੀਂ ਦਿੱਤਾ
ਆਪਣੇ ਪੈਰੀ ਖਲੋਣ ਵੀ ਨਾਂ ਦਿੱਤਾ
ਪਾਣੀ , ਨਾ ਭਾਸ਼ਾ ਨਾ ਮੁਖਤਿਅਰੀ
ਮਸਲਾ ਕੋਈ ਹੱਲ ਹੋਣ ਨਾ ਦਿੱਤਾ

ਜਦ ਸਾਨੂੰ ਰਮਜਾਂ ਸਮਝ ਆਈਆ
ਹਵਾਵਾ ਦੇ ਪੈਰੀ ਬੇੜੀਆ ਪਾਈਆਂ
ਹੱਕ ਮੰਗੀਏ ਤਾਂ ਅੱਜ ਵੀ ਅੱਤਵਾਦੀ
ਸਰਕਾਰਾਂ ਅਦਾਲਤਾਂ ਕਰਨ ਚੜਾਈਆਂ


ਅੱਜ ਫਿਰ ਨਵਾਂ ਐਲਾਨ ਹੋ ਗਿਆ
ਭੰਗ ਕਿੰਝ ਅਮਨੋ-ਅਮਾਨ ਹੋ ਗਿਆ
ਜੋ ਰੋਟੀ ਮੰਗੇ ਉਹ ‘ਅੱਤਵਾਦੀ’
ਕਹੋ, ਅਮਨ ਪਸੰਦ ਜੋ ਭੂੱਖਾਂ ਸੋਂ ਗਿਆ

ਅੰਤ, ਲਾਲਗੜ੍ਹ ਦੇ ‘ਲਾਲੋ’ ਉਠ ਆਏ
ਭਾਗੋਆ ਦੇ ਜਾ ਚੁਬਾਰੇ ਢਾਹੇ
ਅਬਾਨੀ, ਟਾਟੇ ਖੋਹਣ ਕੋਧਰਾ
ਉਹ ਸੱਤਵਾਦੀ ਤੇ ਅਸੀ ਅੱਤਵਾਦੀ ਕਹਾਏ

ਕੇਹਾ ਇਹ ਇਨਸਾਫ ਤੇਰਾ
ਦੱਸ ਤਾਂ ! ਸਾਨੂੰ ਭਾਰਤ ਮਾਏ!
ਪਾਣੀ ਬਿਨ ਬੰਜਰ, ਰੋਟੀ ਬਿਨ ਹੀਣੇ
ਆਪਣੇ ਘਰ ਵਿੱਚ ਅਸੀ ਪਰਾਏ

No comments:

Post a Comment