Search This Blog

Sunday, November 14, 2010

ਦੀਵਾਲੀ: ਸਿੱਖਾਂ ਦੀ ਸੋਚ ਦਾ ਦੀਵਾਲਾ


*ਇਹ ਲੇਖ ਪਿਛਲੇ ਸਾਲ ਗੁਲਾਮ ਕਲਮ ਤੇ ਛਾਪਿਆ ਸੀ , ਸੋ ਗੁਲਾਮ ਕਲਮ ਤੋਂ ਧਨਵਾਦ ਸਹਿਤ ।

ਦੀਵਾਲੀ ਤੋਂ ਦੋ ਕੁ ਹਫਤੇ ਪਹਿਲਾਂ ਪੰਜਾਬੀ ਦਾ ‘ਸੱਭ ਤੋਂ ਵੱਧ ਵਿਕਣ ਵਾਲਾ ਅਖਬਾਰ’ ਲੇਖਕ ਸੱਜਣਾਂ ਲਈ ਇੱਕ ਇਸ਼ਤਿਹਾਰ ਜਾਰੀ ਕਰਦਾ ਹੁੰਦੈ।ਜਿਸ ਵਿੱਚ ਦੀਵਾਲੀ ਨਾਲ ਸਬੰਧਤ ਵਿਸ਼ੇਸ਼ ਅੰਕ ਲਈ ਲੇਖਕਾਂ ਨੂੰ ਆਪਣੇ ਲੇਖ ਸਮੇਂ ਸਿਰ ਭੇਜਣ ਦੀ ਅਪੀਲ ਕੀਤੀ ਗਈ ਹੁੰਦੀ ਹੈ। ਦੀਵਾਲੀ ਵਾਲੇ ਦਿਨ ਇਸ ਵਿਸ਼ੇਸ਼ ਅੰਕ ਵਿੱਚ ਪੰਥਕ ਵਿਦਵਾਨਾਂ ਤੇ ਹਿੰਦੂ ਸਿੱਖ ‘ਏਕਤਾ’ ਦੇ ਮੁੱਦਈ ਕੁਝ ਇੱਕ ਨਿਸ਼ਚਿਤ ਸਿਰਲੇਖਾਂ ਨਾਲ ਪਿਛਲੇ ਕਈ ਸਾਲਾ ਤੋਂ ਵਿਦਵਤਾ ਦਾ ਲੋਹਾ ਮਨਵਾਉਂਦੇ ਚੱਲੇ ਆ ਰਹੇ ਹਨ।ਲੇਖਾਂ ਦੇ ਸਿਰਲੇਖ ਹੁੰਦੇ ਨੇ, ‘ਦੀਵਾਲੀ ਦੀ ਰਤਿ ਦੀਵੇ ਬਾਲੀਅਨ’, ‘ਬੰਦੀ ਛੋੜ ਦਿਵਸ’, ਦੀਵਾਲੀ ਦਾ ਇਤਿਹਾਸਕ ਪਿਛੋਕੜ ਅਤੇ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਤਿਉਹਾਰ :ਦੀਵਾਲੀ।

ਖੈਰ! ਸਾਲ ਕੁ ਪਹਿਲਾਂ ਅਸੀਂ ਵੀ ਅਖਬਾਰੀ ਦੁਨੀਆਂ ‘ਚ ਨਵੀਂ ਨਵੀਂ ਐਂਟਰੀ ਮਾਰੀ ਸੀ ਸੋਚਿਆਂ ਕਿਉ ਨਾ ਕੁਝ ਖੋਜ ਵਿਚਾਰ ਕਰਕੇ ਅਸੀਂ ਵੀ ‘ਦੀਵਾਲੀ ਦੀ ਰਾਤਿ ਦੀਵੇ ਬਾਲੀਅਨ’ ਸਿਰਲੇਖ ਹੇਠ ਕੁਝ ਵਿਦਵਤਾ ਦੀ ਲਾਟ ਜਗਾ ਲਈਏ।ਪਰ ਇਹ ਖੋਜ ਵਿਚਾਰ ਸਾਲ ਬਾਅਦ ਇਸ ਸਿੱਟੇ ਤੇ ਪਹੁੰਚੀ ਕਿ ਮੇਰਾ ਲਿਖਿਆ ਕੋਈ ਲੇਖ ਇਹਨਾਂ ਨਾਮੀ ਅਖਬਾਰਾਂ ਦੇ ਚਮਕੀਲੇ ਪੇਪਰ ਤੇ ਆਫਸੈਟ ਲੇਅ-ਆਊਟ ਦਾ ਸ਼ਿੰਗਾਰ ਕਦੇ ਨਹੀਂ ਬਣਨਾ।ਕਿਸੇ ਗੁੰਮਨਾਮ ਪਰਚੇ ‘ਚ ਆਪਣਾ ਗੁਭ-ਗੁਭਾਰ ਕੱਢ ਲਿਆ ਜਾਵੇ ਤਾਂ ਗੱਲ ਵੱਖਰੀ ਹੈ।

ਵਿਸ਼ੇ ਬਾਰੇ ਸੋਚ ਵਿਚਾਰ ‘ਚ ਸਭ ਤੋਂ ਪਹਿਲਾਂ ਇਹ ਜਾਨਣਾ ਚਾਹਿਆ ਕਿ ‘ਗੁਰੁ ਕਿਆਂ ਨੌ ਨਿਹਾਲਾਂ’ ਨੂੰ ਦੀਵਾਲੀ ਵਾਲੇ ਦਿਨ ਕਿਹੜੀ ਭੀੜ ਆ ਪੈਂਦੀ ਹੈ ਜੋ ਗੁਰੁ ਘਰਾਂ ‘ਚ ਕੱਠੇ ਹੋ ਕੇ ਅਰਬਾਂ ਰੁਪਏ ਨੂੰ ਅੱਗ ਲਾ ਦਂੇਦੇ ਹਨ ਤੇ ਨਾਲੇ ਉਸ ਕੁਦਰਤੀ ਵਾਤਵਰਨ ਨਾਲ ਐਨਾਂ ਵੈਰ ਕਿਉਂ ਕੱਢਦੇ ਨੇ ਜਿਸ ਕੁਦਰਤ ਤੋਂ ਇਨ੍ਹਾਂ ਦਾ ਗੁਰੁ ਬਾਬਾ ਬਲਿਹਾਰੇ ਜਾਂਦਾ ਸੀ। ਐਮ.ਬੀ.ਡੀ ‘ਚ ਦੀਵਾਲੀ ਦੇ ਲੇਖ ਤੋਂ ਲੈ ਕੇ ਮੰਜੀ ਸਾਹਬ ਦੀਵਾਨ ਹਾਲ ‘ਚ ਖੂਡੀ ਦੇ ਸਹਾਰੇ ਖਲੋਤਾ ਬੁੱਢਾ ਢਾਡੀ ਤੇ ਅਖਬਾਰਾਂ ਰਸਾਲਿਆਂ ਦੇ ਕਾਲਮ ਨਵੀਸਾਂ ਤੋਂ ਲੈ ਕੇ ਇੰਟਰਨੈੱਟ ਦੀਆਂ ਸਾਇਟਾਂ ਇੱਕਜੁਟਤਾ ਨਾਲ ਕੀਹਦੇ ਸੁਣੀਦੇ ਹਨ ਕਿ ‘ਦੀਵਾਲੀ ਹਿੰਦੂਆਂ ਤੇ ਸਿੱਖਾਂ ਦਾ ਸਾਝਾਂ ਤਿਉਹਾਰ ਹੈ।ਇਸ ਦਿਨ ਭਗਵਾਨ ਸ੍ਰੀ ਰਾਮ ਚੰਦਰ ਜੀ 14 ਸਾਲ ਦਾ ਬਨਵਾਸ ਕੱਟ ਕੇ ਅਯੁੱਧਿਆ ਪਹੁੰਚੇ ਸਨ।ਜਦੋਂ ਕਿ ਸਿੱਖਾਂ ਦੇ ਛੇਵੇਂ ਗੁਰੂ ਹਰਿਗੋਬਿੰਦ ਜੀ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋ ਕੇ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ।ਜਿਸ ਦੀ ਖੁਸ਼ੀ ਵਜੋਂ ਦੀਵਾਲੀ ਵਾਲੇ ਦਿਨ ਦੀਮਮਾਲਾ ਤੇ ਆਤਿਸਬਾਜ਼ੀ ਕੀਤੀ ਜਾਂਦੀ ਹੈ’। ਸਾਨੂੰ ਇਹ ਗੱਲ ਬਚਪਨ ਤੋਂ ਤੋਤੇ ਵਾਂਗ ਰਟਾ ਦਿੱਤੀ ਜਾਂਦੀ ਹੈ,ਨਹੀਂ ਤਾਂ ਮੈਨੂੰ ਲਗਦਾ ਜੇ ਕਿਤੇ ਕਿਸੇ ਤੀਜੇ ਬੰਦੇ ਨੂੰ ਇਹ ਉਪਰ ਦੱਸਿਆ ਘਟਨਾਂ ਕਰਮ ਸੁਣਾਇਆ ਜਾਵੇ ਤਾਂ ਉਹ ਘੱਟੋ-ਘੱਟ ਉਹ ਇਹ ਤਾਂ ਜ਼ਰੂਰ ਕਹੇਗਾ ਕਿ ‘ਵੱਟ ਆ ਕੋ ਇਨਸੀਡੈਂਟ’ । ਅਜੀਬ ਇਤਫਾਕ ਹੈ ।

ਜੰਤਰੀਆਂ ਦੇ ਰਚੇਤਾ ਤੇ ਤਿਥਾਂ ਰੁਤਾਂ ਦੇ ਗਿਆਤਾ ਬ੍ਰਹਮਣ ਦੇਵਤਾ ਦੇ ਇਸ ਮੇਲ ਜੋਲ ਤੇ ਸ਼ੰਕਾਂ ਕਰਨਾ ਤਾਂ ਜਾਇਜ਼ ਨਹੀ ।ਪਰ ਸਿੱਖਾਂ ਦੇ ਘਰ ਜੰਮਣ ਨਾਤੇ ਇਹ ਜਾਨਣ ਦੀ ਕੋਸਿਸ਼ ਤਾਂ ਕੀਤੀ ਜਾ ਸਕਦੀ ਹੈ ਕਿ ਗੁਰੂ ਹਰਿਗੋਬਿੰਦ ਕਿਸ ਦੋਸ਼ ਤਹਿਤ ਕਦੋਂ ਤੇ ਕਿੰਨੇ ਸਮੇਂ ਲਈ ਕੈਦ ਰਹੇ?ਇਹ ਜਾਨਣਾ ਕਿਸੇ ਸਿੱਖ ਲਈ ਕਿੰਨਾ ਦੁਖਦਾਇਕ ਹੋ ਸਕਦਾ ਹੈ ਕਿ ਸਮੇਂ ਸਮੇਂ ਦੇ ਦਰਜਨ ਦੇ ਕਰੀਬ ਪ੍ਰਮੁੱਖ ਇਤਿਹਾਸਕਾਰ, ਪੁਰਾਤਨ ਗਵਾਹੀਆਂ, ਦਸਤਾਵੇਜ਼ ਤੇ ਸਾਖੀਆਂ ਗ੍ਰਿਫਤਾਰੀ ਤੇ ਰਿਹਾਈ ਦੀ ਤਰੀਖ ਤਾਂ ਕੀ ਦੱਸਣਗੀਆਂ ਸਗੋਂ ਕੈਦ ਦੇ ਸਮੇਂ (ਮਿਆਦ) ਨੂੰ ਲੈ ਕੇ ਇੱਕ ਦੂਜੇ ਦੇ ਬਿਲਕੁਲ ਵਿਰੋਧ ‘ਚ ਦਿਖਾਈ ਦਿੰਦੀਆਂ ਹਨ।ਏਥੋਂ ਤੱਕ ਕਿ ਕੁਝ ਗ੍ਰਥਾਕਾਰ ਨੇ ਤਾਂ ਬਿਲਕੁਲ ਚੁੱਲ ਹੀ ਵੱਟੀ ਹੋਈ ਮਿਲਦੀ ਹੈ ।ਇਸ ਸਬੰਧੀ ਕੁਝ ਪ੍ਰਮੁੱਖ ਇਤਿਹਾਸਕਾਰਾਂ ਦੀਆਂ ਗਵਾਹੀਆਂ ਦਰਜ਼ ਕਰ ਰਿਹਾ ਹਾ ।ਡਾ.ਗੰਡਾ ਸਿੰਘ ਮੁਤਾਬਕ 1612 ਈ. ਤੋਂ 1614ਈ, ਇੰਦੂ ਭੂਸਨ ਬੈਨਰਜੀ 1607 ਤੋਂ 1612, ਪ੍ਰਿ ਤੇਜਾ ਸਿੰਘ 1614 ਤੋਂ 1616 ਤੱਕ,ਅਰਧ ਸੁਆਮੀ ਇਹ ਸਮਾਂ 12 ਸਾਲ ਦਾ ਦੱਸਦਾ ਹੈ, ਪ੍ਰਿੰ.ਸਤਬੀਰ ਸਿਂੰਘ 1609 ਤੋਂ 1612 ਤੱਕ ਹੈ । ਮੈਕਾਲਿਫ ਅਨੁਸਾਰ 5 ਸਾਲ ਤੇ ਸਿੱਖ ਰਵਾਇਤ ਮੁਤਾਬਕ 40 ਦਿਨ । ਹੁਣ ਜ਼ਰਾ ਅੰਦਾਜ਼ਾ ਲਗਾਉ ਜਿਥੇ ਸਾਲਾਂ ਦਾ ਏਨਾਂ ਵੱਡਾ ਟਪਲਾ ਹੈ, ਕੋਈ 40 ਦਿਨ ਤੇ ਕੋਈ 12 ਸਾਲ ਕਹਿੰਦਾ ਹੈ ਉਥੇ ਇਸ ਗੱਲ ਦਾ ਕਿਸ ਤਰਾਂ ਪਤਾ ਲੱਗਾ ਕਿ ਗੁਰੂੁ ਜੀ ਦੀ ਰਿਹਾਈ ਦੀਵਾਲੀ ਵਾਲੇ ਦਿਨ ਹੀ ਹੋਈ ਸੀ।ਭਾਵ ਕਿ ਉਸ ਦਿਨ ਹੀ ਹੋਈ ਸੀ ਜਿਸ ਦਿਨ ਰਾਮ ਚੰਦਰ ਅਯੁੱਧਿਆ ਵਾਪਸ ਮੁੜਿਆ ਸੀ।ਇਹ ਉਵਂੇ ਹੀ ਲੱਗਦਾ ਹੈ ਜਿਵੇਂ ਜਿਸ ਦਿਨ ਸਰਸਾਂ ਦੇ ਕੰਢੇ ਵਿਛੜੇ ਮਝੈਲਾਂ ਨੇ ਮਹਾਂ ਸਿੰਘ ਦੀ ਅਗਵਾਈ ‘ਚ ਗੁਰੂੁ ਘਰ ਦੇ ਵੈਰੀਆਂ ਨਾਲ ਸਿਰ ਧੱੜ ਦੀ ਬਾਜ਼ੀ ਲਾਈ ਉਸ ਦਿਨ ਮਕਰ ਸੰਕ੍ਰਾਂਤੀ ਸੀ ।ਜੋ ਅੱਜ ਸਿੱਖਾਂ ਵੱਲੋਂ ਧੂਮ ਧੜੱਕੇ ਨਾਲ ਮਨਾਈ ਜਾਂਦੀ ਹੈ।ਇਹ ਅਜੀਬ ਇਤਫਾਕ ਬ੍ਰਾਹਮਣੀ ਦਿਹਾੜਿਆਂ ਨਾਲ ਮੇਲ ਖਾ ਕੇ ਹੀ ਕਿੳਂੁ ਵਾਪਰੇ।ਮੁਸਲਮਾਨਾਂ ਦੇ ਕਿਸੇ ਤਿਉਹਾਰ ਨਾਲ ਸਾਡੀ ਸਾਂਝ ਕਿਉ ਨਹੀਂ ਪਈ ?ਕੀ ਗੁਰੂ ਕੇ ਇਸਲਾਮੀ ਦਿਹਾੜਿਆਂ ਵਾਲੇ ਦਿਨ ਛੁੱਟੀ ਡਿਕਲੇਅਰ ਕਰ ਦਿੰਦੇ ਸਨ? ਛੋਟੇ ਸਾਹਿਬਜਾਦਿਆਂ ਦਾ ਸ਼ਹੀਦੀ ਦਿਹਾੜਾ ਵੱਡੇ ਦਿਨ (ਕ੍ਰਿਸਮਿਸ ਡੇ) ਵਾਲੇ ਦਿਨ ਹੁੰਦਾ ਹੈ।ਅਸੀਂ ਸ਼ਹੀਦੀ ਦਿਨ ਨੂੰ ਇਸਾਈਆਂ ਨਾਲ ਸਾਂਝਾ ਕਰਕੇ ਕਿੳਂੁ ਨਹੀਂ ਮਨਾਉਂਦੇ?
                          ਕੀ ਭਾਈਚਾਰਕ ਸਾਂਝ ਤੇ ਏਕਤਾ ਦਾ ਮਤਲਬ ਸਿਰਫ ਸਿੱਖਾਂ ਦਾ ਹਿੰਦੂਆਂ ‘ਚ ਰਲਗੱਡ ਹੋਣ ਤੋਂ ਹੀ ਹੈ। ਇਥੇ ਹਿੰਦੂ ਸਿੱਖ ਏਕਤਾ ਵਿਚਲੇ ‘ਏਕਤਾ’ ਸ਼ਬਦ ਤੇ ਵੀ ਗੌਰ ਕਰ ਲਿਆ ਜਾਵੇ, ਏਕਤਾ ਤੋਂ ਭਾਵ ਦੋਂ ਵੱਖ ਵੱਖ ਚੀਜਾਂ ਦਾ ਇੱਕ ਹੋ ਜਾਣ ਤੋਂ ਹੁੰਦਾ ਹੈ। ਇਹ ਉਹੀ ਸਬਦ ਹੈ ਜਿਸ ਨੇ ਭਾਰਤ ਚੋਂ ਬੋਧੀ ਜੈਨੀ ਤੇ ਪਾਰਸੀ ਨੁਕਰੇ ਲਾ ਦਿੱਤੇ। ਸਬਦ ਸ਼ਾਝੀਵਾਲਤਾ ਤਾਂ ਵਰਤਿਆ ਜਾ ਸਕਦਾ ਹੈ ਪਰ ਏਕਤਾ ਨਹੀਂ।
               ਦੀਵਾਲੀ ਸਬੰਧੀ ਤਵਾਰੀਖੀ ਘਚੋਲੇ ਦੀ ਚਰਚਾ ਕਿਸੇ ਸਿਆਣੇ ਜਾਪਦੇ ‘ਸਿੰਘ’ ਨਾਲ ਕਰ ਲਈਏ ਤਾਂ ਉਹ ਝੱਟ ਦੇਣੀ ਕਹੇਗਾ ‘ਨਾ ਹੁਣ ਭਾਈ ਗੁਰਦਾਸ ਵੀ ਝੂਠਾ ਹੋ ਗਿਆ ਜਿਹੜਾ ਗੁਰੁ ਹਰਿਗੋਬਿੰਦ ਜੀ ਦਾ ਹਾਣੀ-ਬਾਣੀ ਸੀ, ਉਨਾਂ ਨੇ ਵਾਰਾਂ ‘ਚ ਦੀਵਾਲੀ ਮਨਾਉਣ ਦਾ ਜ਼ਿਕਰ ਕੀਤਾ ਹੋਇਆ। ਬਿਲਕੁਲ ਕੀਤਾ ਹੋਇਆ ਗੁਰੂੁ ਸਾਹਬਾਂ ਦੇ ਬਹੁਤੇ ਸਮਕਾਲੀ ਤਾਂ ਗੁਰੁ ਘਰ ‘ਚ ਮਨਾਈ ਜਾਂਦੀ ਕਿਸੇ ਦੀਵਾਲੀ ਬਾਰੇ ਬਿਲਕੁਲ ਚੁੱਪ ਹਨ।ਪਰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ‘ਚ ਇੱਕ ਪੰਕਤੀ ਜ਼ਰੂਰ ਦਰਜ਼ ਕੀਤੀ ਹੋਈ ਹੈ।ਦੀਵਾਲੀ ਦੀ ਰਾਤਿ ਦੀਵੇ ਬਾਲੀਅਨ ਜੋ ਕਿ ਸਾਡੇ ਰਾਗੀਆਂ, ਢਾਡੀਆਂ, ਲਿਖਾਰੀਆਂ ਦੇ ਤੋਰੀ ਫੁਲਕੇ ਦਾ ਵਧੀਆ ਜੁਗਾੜ ਬਣੀ ਹੋਈ ਹੈ। ਇਹ ਜਾਣ ਕੇ ਉੱਚੀ ਮੱਤ ਵਾਲੇ ਸਿੱਖਾਂ ਤੇ ਤਰਸ ਤਾਂ ਜ਼ਰੂਰ ਆਵੇਗਾ ਕਿ ਇਹ ਪੰਗਤੀ ਭਾਈ ਗੁਰਦਾਸ ਜੀ ਨੇ ਸਿਰਫ ਇੱਕ ਮਿਸਾਲ ਵਜੋਂ ਵਰਤੀ ਸੀ ਜਦੋਂ ਕਿ 19ਵੀਂ ਵਾਰ ਦੀ 6ਵੀਂ ਪਾਉੜੀ ਦਾ ਕੇਂਦਰੀ ਭਾਵ ( ਸੈਂੇਟਰਲ ਆਈਡੀਆ) ਦੀਵਾਲੀ ਨਾਲ ਕੋਈ ਸਬੰਧ ਹੀ ਨਹੀਂ ਰੱਖਦਾ। ਵਾਰ ਦੀ ਜੁਗਤ ਅਨੁਸਾਰ ਪਾਉੜੀ ਦੀਆਂ ਪਹਿਲੀਆਂ ਪੰਜ ਲਾਇਨਾਂ ਵਿੱਚ ਕਿਸੇ ਗੱਲ ਨੂੰ ਪ੍ਰਮਾਣਿਤ ਕਰਨ ਲਈ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ ਤੇ ਅੰਤਲੀ ਪੰਕਤੀ ਵਿੱਚ ਸਾਰ ਦੇ ਰੂਪ ‘ਚ ਤੱਤ ਕੱਢ ਦਿੱਤਾ ਜਾਂਦਾ ਹੈ ਜਿਵੇਂ ਕਿ ਇਸ ਪਾਉੜੀ ਵਿੱਚ ਵੀ ਕੀਤਾ ਗਿਆ ਹੈ । ਪਾਉੜੀ ਦਾ ਕੇਂਦਰੀ ਭਾਵ ਗੁਰਮੁਖਿ ਸੁਖ ਫਲ ਦਾਤਿ ਸਬਦਿ ਸੰਮ੍ਹਾਲੀਅਨਿ’ ਹੈ। ਪਹਿਲੀਆਂ ਪੰਕਤੀ ਦੀਵਾਲੀ ਦੀ ਰਾਤਿ ਦੀਵੇ ਬਾਲੀਅਨ ਤੋਂ ਭਾਵ ਕਿ ਜਿਵੇਂ ਦੀਵਾਲੀ ਦੀ ਰਾਤਿ ਲੋਕ ਦੀਵੇ ਬਾਲਦੇ ਹਨ । ( ਬਹੁਗਿਣਤੀ ਇਸ ਨੂੰ ਤਿਉਹਾਰ ਦੇ ਰੂਪ ‘ਚ ਮਨਾਉਦੀ ਸੀ ਸੋ ਭਾਈ ਜੀ ਨੇ ਉਦਾਹਰਣ ਦੇ ਦਿੱਤੀ) । ਤਾਰੇ ਜਾਤ ਸੁਨਾਤ ਅੰਬਰ ਭਾਲੀਅਨ ਭਾਵ ਜਿਵੇਂ ਅੰਬਰ ‘ਚ ਤਰਾਂ ਤਰਾਂ ਦੇ ਤਾਰੇ ਹੁੰਦੇ ਹਨ।ਫੁਲਾਂ ਦੀ ਬਾਗਤਿ ਚੁਣ ਚੁਣ ਚਾਲੀਅਨ ਜਿਵੇਂ ਫੁੱਲਾਂ ਦੀ ਬਾਗੀਚੀ ‘ਚ ਕਈ ਤਰਾਂ ਦੇ ਫੁੱਲ ਹੁੰਦੇ ਹਨ। ਤੇ ਅੰਤਲੀ ਪੰਕਤੀ ‘ਚ ਤੱਤ ਕੱਢਦੇ ਹਨ ਗੁਰਮੁਖਿ ਸੁਖ ਫਲ ਦਾਤਿ ਸਬਦਿ ਸੰਮ੍ਹਾਲੀਅਨਿ ਭਾਵ ਕਿ ਇਵੇ ਹੀ ਗੁਰਮੁਖ ਬੰਦੇ ਦੇ ਸਾਰੇ ਸੁੱਖ ਫੱਲ ਸਬਦ ਭਾਵ ਗਿਆਨ ‘ਚ ਸੰਭਾਲੇ ਹੋਏ ਹਨ।ਪਰ ਅਜੋਕੇ ਗੁਰਮੁਖਾਂ ਨੂੰ ਸੁਖ ਫਲ ਸ਼ਬਦ ਚੋਂ ਨਹੀਂ ਸਗੋਂ ਸ਼ੁਰਲੀਆਂ ਪਟਾਕਿਆਂ ਚੋਂ ਲੱਭ ਰਹੇ ਹਨ। ਵੈਸੇ ਹੋਰ ਕਰਨ ਵੀ ਕੀ ਬਾਬੇ ਦੀ ਬਹੁਤੀ ਕਿਰਪਾ ਵਾਲੇ ਸਿੱਖ ਤਾਂ ਤਿਉਹਾਰਾਂ ਤੇ ਮਿਲਣ ਵਾਲੀ ਗਿਫਟ ਰੂਪੀ ਰਿਸ਼ਵਤ ਨਾਲ ਮਾਇਆ ਹੀ ਏਨੀ ਕੱਠੀ ਕਰ ਲੈਂਦੇ ਹਨ ਕਿ ਸੁੱਖ ਫਲ ਦੀ ਭਾਲ ‘ਚ ਨੋਟਾਂ ਨੂੰ ਅੱਗ ਲਾਉਣਾਂ ਸ਼ੁਗਲ ਨਹੀ ਲੋੜ ਬਣ ਜਾਂਦੀ ਹੈ।

ਹੁਣ ਇਹ ਸ਼ੰਕਾ ਤਾਂ ਪੈਦਾ ਹੋ ਗਿਆ ਹੋਵੇਗਾ ਕਿ ਜੇ ਦੀਵਾਲੀ ਦਾ ਸਿੱਖ ਸਿਧਾਂਤ ਤੇ ਸਿੱਖ ਇਤਿਹਾਸ ਨਾਲ ਸਬੰਧ ਹੀ ਕੋਈ ਨਹੀਂ ਤਾਂ ਫਿਰ ਸਿੱਖ ਕਮਲੇ ਕਿੱਦਾ ਹੋ ਗਏ? ਦਰਅਸਲ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਖਾਲਸਾ ਰਾਜ ਤੱਕ ਦਾ ਸਮਾਂ ਹਰ ਸਿੱਖ ਨੂੰ ਗੌਰ ਨਾਲ ਪੜ੍ਹੇ ਤੇ ਪੜ੍ਹਾਏ ਜਾਣ ਦੀ ਲੋੜ ਹੈ।ਘੋੜਿਆਂ ਦੀਆਂ ਕਾਠੀਆਂ ਤੇ ਬਸੇਰਾ ਕਰਨ ਵਾਲੇ ਖਾਲਸੇ ਨੇ ਮਿਸਲਾਂ ਦੇ ਦਿਨੀਂ ਫੈਸਲਾ ਕੀਤਾ ਕਿ ਸਾਲ ‘ਚ ਦੋ ਵਾਰ ਸਰਬੱਤ ਖਾਲਸਾ ਇਕੱਠਾ ਹੋਇਆ ਕਰੇਗਾ।ਇੱਕ ਦਿਨ ਵਿਸਾਖੀ ਵਾਲਾ ਮਿੱਥ ਲਿਆ ਗਿਆ ਤੇ ਦੂਜਾ ਸ਼ਾਇਦ ਖੁਸ਼ਗਵਾਰ ਮੌਸਮ ਦੀ ਸਹੂਲਤ ਜਾਣ ਕੇ ਦੀਵਾਲੀ ਮਿਥ ਲਿਆ ਗਿਆ ਹੋਵੇਗਾ ।ਅੰਮ੍ਰਿਤਸਰ ਸਾਹਿਬ ਸਣੇ ਸਾਰੇ ਇਤਿਹਾਸਕ ਗੁਰਦਵਾਰਿਆ ਦਾ ਪ੍ਰਬੰਧ ਨਿਰਮਲੇ, ਉਦਾਸੀ ਆਦਿ ਮਹੰਤ ਸ੍ਰੇਣੀਆਂ ਕਰਦੀਆਂ ਸਨ ਹੋ ਸਕਦਾ ਫੈਸਲੇ ਤੇ ਇਨ੍ਹਾਂ ਦਾ ਪ੍ਰਭਾਵ ਵੀ ਰਿਹਾ ਹੋਵੇ । ਪਰ ਸਿੱਖਾਂ ਦੀ ਦੀਵਾਲੀ ਕੇਵਲ ਸਰਬੱਤ ਖਾਲਸੇ ‘ਚ ਜੁੜ ਕੇ ਪੰਥਕ ਚਣੌਤੀਆ ਹੱਲ ਕਰਨ ਲਈ ਵਿਚਾਰ ਚਰਚਾ ਤੱਕ ਹੀ ਸੀਮਤ ਹੁੰਦੀ ਸੀ।

ਗੁਰਦਵਾਰਿਆਂ ਤੇ ਸਿੱਖਾਂ ਦੇ ਘਰੀਂ ਦੀਵੇ ਜਗਣੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ‘ਚ ਹਿੰਦੂ ਸਿੱਖ ‘ਏਕਤਾ’ ਦੀ ਨੀਤੀ ਕਾਰਨ ਸ਼ੁਰੂ ਹੋਏ, ਜੋ ਕਿ ਮੰਡੀ ਤੇ ਸ਼੍ਰੋਮਣੀ ਕਮੇਟੀ ਦੇ ਦੌਰ ‘ਚ ਸ਼ੁਰਲੀਆਂ ਪਟਾਕਿਆਂ ਤੱਕ ਪਹੁੰਚ ਗਏ ਤੇ ਆਸ ਹੈ ਕਿ ਅਜੋਕੀ ਹਿੰਦੂਤਵੀ ਮੀਡੀਆ ਕ੍ਰਾਂਤੀ ਤੇ ਅਖੌਤੀ ਗਲੋਬਲਾਈਜੇਸ਼ਨ ਸਿੱਖਾਂ ਦੇ ਘਰੀਂ ਲਕਸ਼ਮੀ ਪੂਜਾ ਵੀ ਸ਼ੁਰੂ ਕਰਵਾ ਦੇਵੇਗੀ।ਚਰਨਜੀਤ ਸਿੰਘ  ਤੇਜਾ
9478440512

No comments:

Post a Comment