Search This Blog

Sunday, November 14, 2010

ਮੈਂ ਬੁਸ਼ ਦੇ ਛਿੱਤਰ ਕਿਉਂ ਮਾਰਿਆ..?--ਮੁੰਤਜ਼ਰ ਅਲ-ਜ਼ੈਦੀ




ਸਾਬਕਾ ਅਮਰੀਕੀ ਰਾਸ਼ਟਰਪਤੀ ਜਾਰਜ਼ ਬੁਸ਼ ਦੇ ਛਿੱਤਰ ਮਾਰਨ ਵਾਲੇ ਇਰਾਕੀ ਪੱਤਰਕਾਰ ਮੁੰਤਜ਼ਰ ਅਲ-ਜ਼ੈਦੀ ਨੇ ਜੇਲ੍ਹ 'ਚੋਂ ਆਉਣ ਤੋਂ ਬਾਅਦ ਲੰਦਨ ਦੇ ਅਖ਼ਬਾਰ "ਦੀ ਗਾਰਡੀਅਨ" ਲਈ ਲਿਖੇ ਆਰਟੀਕਲ ਨੂੰ ਅਸੀਂ ਪੰਜਾਬੀ ਅਨੁਵਾਦ ਕਰਕੇ ਤੁਹਾਡੇ ਤੱਕ ਪਹੁੰਚਾ ਰਹੇ ਹਾਂ।ਇਹ ਲੇਖ ਇਰਾਕੀ ਲੋਕਾਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਾ ਹੈ।ਸਭਤੋਂ ਵੱਡੀ ਗੱਲ ਕਿ ਜ਼ੈਦੀ ਦੇ ਵੱਡੀ ਲੜਾਈ ਲੜਨ ਤੋਂ ਬਾਅਦ ਵੀ ਹੌਂਸਲੇ ਬੁਲੰਦ ਨੇ ਤੇ ਜ਼ਿਆਦਾਤਰ ਇਰਾਕੀ ਲੋਕ ਤੇ ਮੀਡੀਆ ਉਸਦੇ ਪੱਖ 'ਚ ਖੜ੍ਹਾ ਹੈ।ਪਰ ਇਸਦੇ ਨਾਲ ਮਿਲਦੀ ਜੁਲਦੀ ਘਟਨਾ ਹੀ ਭਾਰਤ 'ਚ ਹੋਈ ਸੀ।ਜਿਸ 'ਚ ਦੈਨਿਕ ਜਾਗਰਣ ਦੇ ਪੱਤਰਕਾਰ ਜਰਨੈਲ ਸਿੰਘ ਨੇ 84 ਕਤਲੇਆਮ ਸਬੰਧੀ ਗ੍ਰਹਿ ਮੰਤਰੀ ਪੀ.ਚਿੰਦਬਰਮ ਨੂੰ ਛਿੱਤਰ ਮਾਰਿਆ ਸੀ।ਪਰ ਜ਼ੈਦੀ ਦੇ ਪੱਖ 'ਚ ਖੜ੍ਹਨ ਵਾਲੇ ਮੁੱਖ ਧਰਾਈ ਭਾਰਤੀ ਮੀਡੀਏ ਨੇ ਦੋਗਲਾਪਣ ਕਰਦੇ ਹੋਏ ਅਪਣਾ ਦੋਹਰਾਪਣ ਦਿਖਾਇਆ।ਤੇ ਪ੍ਰੋਫੈਸ਼ਨਲਿਜ਼ਮ ਦੀ ਦੁਹਾਈ ਦੇਕੇ ਜਰਨੈਲ ਸਿੰਘ ਨੂੰ ਜਰਨਲਿਸਟ ਦੀ ਥਾਂ ਜਰਨੈਲਲਿਸਟ ਤੱਕ ਲਿਖਿਆ।ਇਸ ਮਾਮਲੇ 'ਚ ਕਿਤੇ ਨਾ ਕਿਤੇ ਭਾਰਤੀ ਮੀਡੀਏ ਦੀ ਹਿੰਦੂਤਵੀ ਸੋਚ ਵੀ ਸਾਹਮਣੇ ਆਈ।ਇਹ ਪ੍ਰੋਫੈਸ਼ਨਲਿਜ਼ਮ ਦੀ ਸ਼ੈਅ ਤੇ ਭਾਰਤੀ ਮੀਡੀਏ ਦੇ ਚਰਿੱਤਰ ਨੂੰ ਚੇਤਨ ਵਰਗਾਂ ਵਲੋਂ ਘੋਖਣ ਦੀ ਜ਼ਰੂਰਤ ਹੈ।ਉਮੀਦ ਹੈ ਤੁਸੀਂ ਜ਼ੈਦੀ ਦੀਆਂ ਦਲੀਲਾਂ 'ਤੇ ਅਪਣੇ ਵਿਚਾਰ ਜ਼ਰੂਰ ਦਿਓਂਗੇ--ਗੁਲਾਮ ਕਲਮ


ਮੈਂ ਕੋਈ ਹੀਰੋ ਨਹੀਂ।ਮੈਂ ਨਿਰਦੋਸ਼ ਇਰਾਕੀਆਂ ਦਾ ਕਤਲੇਆਮ ਤੇ ਉਹਨਾਂ ਦੀ ਪੀੜਾ ਨੂੰ ਨੇੜਿਓਂ ਦੇਖਿਆ ਹੈ।ਅੱਜ ਮੈਂ ਅਜ਼ਾਦ ਹਾਂ ਪਰ ਮੇਰਾ ਦੇਸ਼ ਅਜੇ ਭਿਆਨਕ ਯੁੱਧ ਦੇ ਆਗੋਸ਼ 'ਚ ਕੈਦ ਹੈ।ਜਿਸ ਆਦਮੀ ਨੇ ਬੁਸ਼ 'ਤੇ ਜੁੱਤੀ ਸੁੱਟੀ ਉਸ ਬਾਰੇ ਤਮਾਮ ਗੱਲਾਂ ਕਰੀਆਂ ਤੇ ਕਹੀਆਂ ਜਾ ਰਹੀਆਂ ਨੇ।ਕੋਈ ਉਸਨੂੰ ਹੀਰੋ ਬਣਾ ਰਿਹਾ ਹੈ ਤੇ ਕੋਈ ਉਸਦੇ ਐਕਸ਼ਨ ਬਾਰੇ ਗੱਲਬਾਤ ਕਰ ਰਿਹਾ ਹੈ।ਅਤੇ ਇਸਨੂੰ ਇਕ ਤਰ੍ਹਾਂ ਦੇ ਵਿਰੋਧ ਦਾ ਪ੍ਰਤੀਕ ਮੰਨ ਲਿਆ ਗਿਆ ਹੈ।ਪਰ ਮੈਂ ਇਹਨਾਂ ਸਾਰੀਆਂ ਗੱਲਾਂ ਦਾ ਇਕ ਅਸਾਨ ਜਿਹਾ ਜਵਾਬ ਦੇਣਾ ਚਾਹੁੰਦਾ ਹਾਂ ਤੇ ਦੱਸਣਾ ਚਾਹੁੰਦਾ ਕਿ ਆਖਿਰ ਕਿਸ ਵਜ੍ਹਾ ਕਾਰਨ ਮੈਂ ਬੁਸ਼ ੳੁੱਤੇ ਛਿੱਤਰ ਸੁੱਟਣ ਲਈ ਮਜ਼ਬੂਰ ਹੋਇਆ।ਇਸਦਾ ਦਰਦ ਕਾਸ਼ ਤੁਸੀਂ ਵੀ ਸਮਝ ਪਾਉਂਦੇ....ਕਿ ਜਿਸਦੇ ਦੇਸ਼ ਦੀ ਅਸਮਿਤਾ ਨੂੰ ਫੌਜੀਆਂ ਦੇ ਬੂਟਾਂ ਦੇ ਤਲਿਆਂ ਹੇਠਾਂ ਰੌਂਦ ਦਿੱਤਾ ਗਿਆ।ਜਿਸਦੇ ਦੇਸ਼ ਵਾਸੀਆਂ ਨੂੰ ਕਦਮ ਕਦਮ 'ਤੇ ਅਪਮਾਨ ਸਹਿਣਾ ਪਿਆ,ਜਿਸਦੇ ਨਿਰਦੋਸ਼ ਦੇਸ਼ਵਾਸੀਆਂ ਦਾ ਖੂਨ ਵਹਾਇਆ ਗਿਆ।ਹਾਲ ਦੇ ਸਾਲਾਂ 'ਚ 10 ਲੱਖ ਇਰਾਕੀ ਲੋਕ ਫੌਜ ਦੀਆਂ ਗੋਲੀਆਂ ਦਾ ਨਿਸ਼ਾਨਾ ਬਣੇ ਤੇ ਹੁਣ ਦੇਸ਼ 'ਚ 10 ਲੱਖ ਤੋਂ ਜ਼ਿਆਦਾ ਯਤੀਮ-ਬੇਸਹਾਰਾ ਲੋਕ,10 ਲੱਖ ਵਿਧਵਾਵਾਂ ਤੇ ਹਜ਼ਾਰਾ ਅਜਿਹੇ ਬੇਚਾਰੇ ਜਿਨ੍ਹਾਂ ਨੂੰ ਦੁਨੀਆਂ ਵੇਖਣੀ ਨਸੀਬ ਨਹੀਂ ਹੋਈ।ਲੱਖਾਂ ਲੋਕ ਇਸ ਦੇਸ਼ 'ਚ ਤੇ ਇਸਤੋਂ ਬਾਹਰ ਬੇਘਰ ਹੋ ਗਏ।ਸਾਡਾ ਦੇਸ਼ ਅਜਿਹਾ ਹੋਇਆ ਕਰਦਾ ਸੀ ਜਿਸ 'ਚ ਅਰਬ ਵੀ ਸਨ,ਤੁਰਕ ਵੀ ਸਨ ਤਾਂ ਕੁਰਦ,ਅਸੀਰੀ,ਸਾਬੀਨ ਤੇ ਯਜਦੀ ਅਪਣੀ ਰੋਟੀ ਕਮਾਉਂਦੇ ਸੀ।

ਏਥੇ ਬਹੁ-ਸੰਖਿਅਕ ਸ਼ੀਆ ਲੋਕ ਸੁੰਨੀਆਂ ਦੇ ਨਾਲ ਇਕੋ ਲਾਇਨ 'ਚ ਨਮਾਜ਼ ਪੜ੍ਹਦੇ ਸਨ...ਮੁਸਲਮਾਨ ਇਸਾਈਆਂ ਦੇ ਨਾਲ ਈਸਾ ਮਸੀਹ ਦਾ ਜਨਮ ਦਿਨ ਮਿਲਕੇ ਮਨਾਉਂਦੇ ਸਨ।ਹਾਲਾਂਕਿ ਪਿਛਲੇ 10 ਸਾਲਾਂ 'ਚ ਸਾਡੇ ਦੇਸ਼ 'ਚ ਅਨੇਕਾਂ ਤਰ੍ਹਾਂ ਦੀਆਂ ਰੋਕਾਂ ਲਗਾ ਦਿੱਤੀਆਂ ਗਈਆਂ ਪਰ ਅਸੀਂ ਸਾਰੇ ਇਹਨਾਂ ਦਾ ਮਿਲਜੁਲਕੇ ਮੁਕਾਬਲਾ ਕਰਦੇ ਰਹੇ ਹਾਂ।ਜੇ ਅਸੀਂ ਭੁੱਖੇ ਵੀ ਰਹੇ ਤਾਂ ਵੀ ਸਾਰਿਆਂ ਦਾ ਸਾਥ ਸੀ।ਅਸੀਂ ਇਰਾਕੀ ਅਪਣੀ ਇਕਜੁੱਟਤਾ ਦੌਰਾਨ ਹੋਏ ਹਮਲਿਆਂ ਨੂੰ ਅਜੇ ਤੱਕ ਨਹੀਂ ਭੁੱਲੇ।ਇਹਨਾਂ ਹਮਲਿਆਂ ਨੇ ਹੀ ਭਰਾ ਨੂੰ ਭਰਾ ਤੋਂ ਦੂਰ ਕਰ ਦਿੱਤਾ ਤੇ ਗੁਆਂਢੀ ਵੀ ਗੁਆਂਢੀ ਤੋਂ ਦੂਰ ਹੋ ਗਿਆ।ਸਾਡੇ ਘਰ ਮਾਤਮ ਦੇ ਟੈਂਟਾਂ 'ਚ ਬਦਲ ਗਏ।ਮੈਂ ਕੋਈ ਹੀਰੋ ਨਹੀਂ ਹਾਂ,ਪਰ ਮੇਰਾ ਅਪਣਾ ਇਕ ਵਿਚਾਰ ਹੈ।ਮੇਰਾ ਇਕ ਸਟੈਂਡ ਹੈ।ਜਦੋਂ ਮੇਰੇ ਦੇਸ਼ ਦੀ ਬੇਇੱਜ਼ਤੀ ਕੀਤੀ ਗਈ ਤਾਂ ਮੈਂ ਇਸਨੂੰ ਬੇਇੱਜ਼ਤੀ ਸਮਝਿਆ,ਮੈਂ ਅਪਣੇ ਬਗਦਾਦ ਨੂੰ ਅੱਗ ਦੇ ਅੰਗਾਰਿਆਂ 'ਚ ਘਿਰਿਆ ਪਾਇਆ ਤੇ ਏਥੇ ਲਾਸ਼ਾਂ ਤੇ ਲਾਸ਼ਾ ਵਿਛਾਈਆਂ ਜਾ ਰਹੀਆਂ ਸਨ।ਮੈਂ ਕਿਵੇਂ ਹਜ਼ਾਰਾਂ ਪੀੜਾਦਾਇਕ ਫੋਟੋਆਂ ਨੂੰ ਭੁਲਾ ਦਿਆਂ ਜੋ ਮੈਨੂੰ ਸ਼ੰਘਰਸ਼ ਲਈ ਅੱਗੇ ਧੱਕ ਰਹੀਆਂ ਸਨ।ਅਬੂ ਗਰੀਬ ਜੇਲ੍ਹ ਦਾ ਸਕੈਂਡਲ,ਫਾਲੂਜਾ ਦਾ ਕਤਲੇਆਮ,ਜਫਜ਼,ਹਥੀਦਾ,ਸਦਰ ਸਿਟੀ,ਬਸਰਾ,ਦਿਆਲਾ,ਮੋਸੂਲ,ਤਾਲ ਅਫਾਰ ਤੇ ਦੇਸ਼ ਦਾ ਕੋਨਾ ਕੋਨਾ ਇਕ ਲਹੂ ਲੂਹਾਨ ਸ਼ਕਲ ਨਾਲ ਨਜ਼ਰ ਆਉਂਦਾ ਸੀ।ਮੈਂ ਅਪਣੀ ਐਨ ਮਚਦੀ ਹੋਈ ਧਰਤੀ ਦੀ ਲੰਬੀ ਯਾਤਰਾ ਕੀਤੀ।ਅਪਣੀਆਂ ਅੱਖਾਂ ਨਾਲ ਪੀੜਤਾਂ,ਯਤੀਮਾਂ ਤੇ ਜਿਨ੍ਹਾਂ ਦਾ ਸਭ ਕੁਝ ਲੁੱਟ ਚੁੱਕਿਆ ਸੀ ਉਹਨਾਂ ਦੀਆਂ ਚੀਕਾਂ ਸੁਣੀਆਂ।ਮੈਂ ਅਪਣੇ ਖੁਦ ਦੇ ਹੋਣ ਉੱਤੇ ਸ਼ਰਮ ਮਹਿਸੂਸ ਕੀਤੀ,ਕਿਉਂਕਿ ਮੇਰੇ ਕੋਲ ਸੱਤਾ ਨਹੀਂ ਸੀ।


ਰੋਜ਼ਾਨਾ ਤਮਾਮ ਤ੍ਰਾਸ਼ਦੀਆਂ ਦੀ ਅਪਣੀ ਪ੍ਰੋਫੈਸ਼ਨਲ ਡਿਊਟੀ ਪੂਰੀ ਕਰਕੇ ਜਦੋਂ ਮੈਂ ਮਲਬੇ 'ਚ ਤਬਦੀਲ ਹੋਏ ਇਰਾਕੀ ਮਕਾਨਾਂ ਨੂੰ ਸਾਫ ਕਰਦਾ ਜਾਂ ਅਪਣੇ ਕੱਪੜਿਆਂ 'ਤੇ ਲੱਗੇ ਖੂਨ ਨੂੰ ਸਾਫ ਕਰਦਾ ਤਾਂ ਮੇਰੇ ਦੰਦ ਅਪਣੇ ਆਪ ਕਚੀਚੀ ਵੱਟ ਲੈਂਦੇ ਤੇ ਉਦੋਂ ਮੈਂ ਪ੍ਰਣ ਲੈਂਦਾ ਸਾਂ ਕਿ ਇਸਦਾ ਬਦਲਾ ਜ਼ਰੂਰ ਲਵਾਂਗਾ।ਤੇ ਜਦੋਂ ਮੌਕਾ ਆਇਆ ਮੈਂ ਇਸ 'ਚ ਦੇਰ ਨਹੀਂ ਲਾਈ।ਮੈਂ ਜਦੋਂ ਬੂਟ ਮਾਰਨ ਲਈ ਕੱਢਿਆ ਤਾਂ ਮੇਰੀ ਨਜ਼ਰ ਉਹਨਾਂ ਖੂਨ ਭਰੇ ਅੱਥਰੂਆਂ ਨੂੰ ਵੇਖ ਰਹੀ ਸੀ,ਜੋ ਅਪਣੇ ਦੇਸ਼ 'ਤੇ ਕਬਜ਼ਾ ਹੋਣ ਤੋਂ ਬਾਅਦ ਲਗਤਾਰ ਰੋ ਰਹੇ ਸਨ।ਮੇਰੇ ਕੰਨਾਂ 'ਚ ਉਹਨਾਂ ਬੇਵੱਸ ਮਾਵਾਂ ਦੀ ਅਵਾਜ਼ ਗੂੰਜ ਰਹੀ ਸੀ ,ਜਿਨ੍ਹਾਂ ਦੇ ਬੇਗੁਨਾਹ ਬੱਚੇ ਮਾਰ ਦਿੱਤੇ ਗਏ ਸਨ।ਮੈਂ ਉਹਨਾਂ ਬੇਸਹਾਰਾ ਬੱਚਿਆਂ ਦੀ ਅਵਾਜ਼ ਸੁਣ ਰਿਹਾ ਸੀ ਜੋ ਅਪਣੇ ਮਾਂ ਬਾਪ ਨੂੰ ਖੋਹ ਚੁੱਕੇ ਸਨ।ਮੇਰੇ ਸਾਹਮਣੇ ਉਹਨਾਂ ਦਰਦ ਭਰੀਆਂ ਕਿਲਕਾਰੀਆਂ ਦੀ ਅਵਾਜ਼ ਸੀ ਜਿਨ੍ਹਾਂ ਨਾਲ ਬਲਾਤਕਾਰ ਕੀਤਾ ਗਿਆ ਸੀ।

ਬੂਟ ਸੁੱਟਣ ਤੋਂ ਬਾਅਦ ਜਦੋਂ ਲੋਕ ਮੇਰੇ ਕੋਲ ਆਏ ਤਾਂ ਮੈਂ ਕਿਹਾ ਕੀ ਤੁਹਾਨੂੰ ਪਤੈ ਕਿ ਇਹ ਛਿੱਤਰ ਕਿੰਨੇ ਘਰਾਂ ਦੀ ਅਵਾਜ਼ ਸੀ।ੳੇੁਸਦੀ ਅਵਾਜ਼ ਬੋਲਿਆਂ ਨੂੰ ਸੁਣਾਏ ਗਏ ਧਮਾਕੇ ਦੀ ਤਰ੍ਹਾਂ ਸਾਬਿਤ ਹੋਈ।ਜਦੋਂ ਸਾਰੀਆਂ ਮਾਨਵੀ ਕਦਰਾਂ ਕੀਮਤਾਂ ਢਹਿ ਢੇਰੀ ਹੋ ਚੁੱਕੀਆਂ ਸਨ ਤਾਂ ਅਜਿਹੇ 'ਚ ਹੋ ਸਕਦਾ ਕਿ ਉਹ ਛਿੱਤਰ ਹੀ ਸਹੀ ਜਵਾਬ ਸੀ।ਜਦ ਮੈਂ ਉਸ ਅਪਰਾਧੀ ਬੁਸ਼ 'ਤੇ ਬੂਟ ਸੁੱਟਿਆ ਤਾਂ ਮੇਰਾ ਐਕਸ਼ਨ ਉਸਦੇ ਤਮਾਮ ਝੂਠਾਂ ਤੇ ਮਸ਼ਕਰੀਆਂ ਨੂੰ ਖਾਰਿਜ਼ ਕਰਨ ਲਈ ਸੀ।ਇਹ ਮੇਰੇ ਦੇਸ਼ 'ਤੇ ਉਸਦੇ ਕਬਜ਼ੇ ਦੇ ਖਿਲਾਫ ਸਹੀ ਨਿਸ਼ਾਨਾ ਸੀ।ਉਸਨੇ ਜਿਸ ਤਰ੍ਹਾਂ ਮੇਰੇ ਅਪਣੇ ਲੋਕ ਜੋ ਬੇਗੁਨਾਹ ਸੀ,ਨੂੰ ਕਤਲ ਕਰਵਾਇਆ,ਇਹ ਛਿੱਤਰ ਉਹਨਾਂ ਦੀ ਅਵਾਜ਼ ਸੀ।ਮੇਰਾ ਛਿੱਤਰ ਉਸਦੀ ਉਸ ਨੀਅਤ ਦੇ ਖਿਲਾਫ ਸੀ ਜਿਸਦੀ ਵਜ੍ਹਾ ਕਾਰਨ ਸਾਡੇ ਦੇਸ਼ ਦੀ ਦੌਲਤ ਲੁੱਟੀ ਗਈ।ਸਾਡੇ ਸਾਰੇ ਮਾਨਵੀ ਸ੍ਰੋਤਾਂ ਨੂੰ ਤਹਿਸ ਨਹਿਸ਼ ਕਰ ਦਿੱਤਾ ਗਿਆ ਤੇ ਸਾਡੇ ਬੱਚਿਆਂ ਨੂੰ ਦਿਸ਼ਾਹੀਣ ਹਾਲਤ 'ਚ ਛੱਡ ਦਿੱਤਾ ਗਿਆ।


ਜੇ ਤੁਸੀਂ ਸਮਝਦੇ ਹੋ ਕਿ ਬਤੌਰ ਪੱਤਰਕਾਰ ਮੈਨੂੰ ਇਹ ਸਭ ਕੁਝ ਨਹੀਂ ਕਰਨਾ ਚਾਹੀਦਾ ਸੀ ਤੇ ਇਸ ਨਾਲ ਉਹਨਾਂ ਲੋਕਾਂ ਨੂੰ ਸਿਰ ਝਕਾਉਣਾ ਪਿਆ ਜਿਥੇ ਮੈਂ ਕੰਮ ਕਰਦਾ ਸੀ ਤਾਂ ਮੈਂ ਮੁਆਫੀ ਮੰਗਦਾਂ ਹਾਂ।ਪਰ ਮੇਰੇ ਇਹ ਵਿਰੋਧ ਦੇਸ਼ ਦੇ ਉਸ ਆਮ ਨਾਗਰਿਕ ਦਾ ਵਿਰੋਧ ਸੀ ਜੋ ਰੋਜ਼ਾਨਾ ਅਪਣੇ ਦੇਸ਼ ਨੂੰ ਉਸ ਵਿਅਕਤੀ ਦੀਆਂ ਫੌਜਾਂ ਦੇ ਤਲੇ ਹੇਠ ਮਸਲਦਾ ਵੇਖਦਾ ਸੀ।ਮੇਰੇ ਪ੍ਰੋਫੈਸ਼ਨਿਲਮ ਉੱਤੇ ਮੇਰੀ ਦੇਸ਼ ਭਗਤੀ ਭਾਰੂ ਰਹੀ।...ਤੇ ਜੇ ਦੇਸ ਭਗਤੀ ਨੇ ਆਪਣੀ ਅਵਾਜ਼ ਬੁਲੰਦ ਕਰਨੀ ਹੈ ਤਾਂ ਪ੍ਰੋਫੈਸ਼ਨਲਿਜ਼ਮ ਨੂੰ ਇਸ ਨਾਲ ਅਪਣਾ ਤਾਲਮੇਲ ਬਿਠਾ ਲੈਣਾ ਚਾਹੀਦਾ ਹੈ।ਮੈਂ ਇਹ ਕੰਮ ਇਸ ਲਈ ਨਹੀਂ ਕੀਤਾ ਕਿ ਮੇਰਾ ਨਾਂਅ ਇਤਿਹਾਸ ਦੇ ਸੁਨਿਹਰੀ ਪੰਨਿਆਂ 'ਚ ਦਰਜ ਹੋ ਜਾਵੇ ਜਾਂ ਇਸਦੇ ਬਦਲੇ ਮੈਨੂੰ ਕੋਈ ਇਨਾਮ ਮਿਲੇ।ਮੈਂ ਸਿਰਫ ਤੇ ਸਿਰਫ ਅਪਣੇ ਦੇਸ ਦਾ ਬਚਾਅ ਕਰਨਾ ਚਾਹੁੰਦਾ ਹਾਂ।ਮੈਂ ਉਸਨੂੰ ਤਿਲ ਤਿਲ ਕਰਕੇ ਮਰਨਾ ਨਹੀਂ ਦੇਣਾ ਚਾਹੁੰਦਾ।ਮੈਂ ਉਸਨੂੰ ਫੌਜ ਦੇ ਤਲਿਆਂ ਹੇਠ ਰੋਂਦਦਾ ਨਹੀਂ ਵੇਖਣਾ ਚਾਹੁੰਦਾ.....ਨਹੀਂ ਵੇਖਣਾ ਚਾਹੁੰਦਾ।

ਪੰਜਾਬੀ ਅਨੁਵਾਦ--ਯਾਦਵਿੰਦਰ ਕਰਫਿਊ,
ਨਵੀਂ ਦਿੱਲੀ।
MOB-09899436972
mail2malwa@gmail.com,malwa2delhi@yahoo.co.in

No comments:

Post a Comment