Search This Blog

Sunday, November 14, 2010

.

ਇਸ ਤਰਾਂ ਵੀ ਕੀਤਾ ਜਾ ਸਕਦਾ ਹੈ ਸਿੱਖੀ ਦਾ ਪ੍ਰਚਾਰ
ਪ੍ਰੋ: ਸਰਬਜੀਤ ਸਿੰਘ ਧੂੰਦਾ
98555, 98851
ਅੱਜ ਸਾਡੀ ਕੌਮ ਅੰਦਰ ਸਿੱਖੀ ਦੇ ਪ੍ਰਚਾਰ ਨੂੰ ਮੁੱਖ ਰੱਖ ਕੇ ਉਪਰਾਲੇ ਤਾਂ ਬਹੁਤ ਕੀਤੇ ਜਾ ਰਹੇ ਹਨ ਜਿਵੇਂ ਕੀਰਤਨ ਦਰਬਾਰ ਅਤੇ ਕਥਾ ਦਰਬਾਰ ਕਰਵਾਉਣੇ, ਨਗਰ ਕੀਰਤਨ ਕੱਢਣੇ। ਇਸ ਤੋਂ ਬਿਨਾਂ ਵੀ ਸਾਡੀ ਕੌਮ ਵਿੱਚ ਧਰਮ ਦੇ ਨਾਂ ਤੇ ਭੱਜ ਨੱਸ ਤਾਂ ਬਹੁਤ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਦੇਹਧਾਰੀ ਗੁਰੂ ਡੰਮ, ਪਤਿਤਪੁਣਾ, ਨਸ਼ੇ ਅਤੇ ਇਸ ਤੋਂ ਇਲਾਵਾ ਵੀ ਅਨੇਕਾਂ ਸਮਾਜਿਕ ਬੁਰਾਈਆਂ ਵਿੱਚ ਸਾਡੇ ਬੱਚੇ-ਨੌਜਵਾਨ ਦਿਨ-ਬ-ਦਿਨ ਫਸਦੇ ਜਾ ਰਹੇ ਹਨ। ਕਾਰਣ ਬਿਲਕੁਲ ਸਾਫ ਹੈ ਧਰਮ ਕਮਾਉਣ ਦੀ ਸਿਖਿਆ ਨਾਂ ਤਾਂ ਮਾਤਾ ਪਿਤਾ ਕੋਲੋ ਹੀ ਮਿਲੀ ਹੈ ਤੇ ਨਾਂ ਹੀ ਸਿਖਿਅਕ ਅਦਾਰਿਆਂ ਵਿੱਚੋਂ ਹੀ ਪ੍ਰਾਪਤ ਹੋਈ ਹੈ। ਬਾਕੀ ਰਹੀ ਗੱਲ ਗੁਰਦੁਆਰਿਆਂ ਦੀ (ਕੁਝ ਕੁ ਨੂੰ ਛੱਡ ਕੇ) ਜਿੰਨ੍ਹਾਂ ਧਰਮ ਦਾ ਪ੍ਰਚਾਰ ਕਰਨਾ ਸੀ, ਉਹ ਖੁਦ ਰਾਜਨੀਤੀ ਦੇ ਅਖਾੜੇ ਬਣ ਕੇ ਰਹਿ ਗਏ ਹਨ ਤੇ ਸਮਾਜ ਹਰ ਆਉਂਦੇ ਦਿਨ ਰਿਸਾਤਲ ਵੱਲ ਤੁਰਿਆ ਜਾ ਰਿਹਾ ਹੈ।
ਅੱਜ ਸਾਡੀ ਕੌਮ ਅੰਦਰ ਵੱਡੇ-ਵੱਡੇ ਕੀਰਤਨ ਦਰਬਾਰ ਕਰਵਾਏ ਜਾਂਦੇ ਹਨ ਜਿੰਨ੍ਹਾਂ ਵਿੱਚ ਨਾਮੀ ਕੀਰਤਨੀਏ ਬੁਲਾਏ ਜਾਂਦੇ ਹਨ, ਮੂੰਹ ਮੰਗੀ ਮਾਇਆ ਦੀ ਸੇਵਾ ਕੀਤੀ ਜਾਂਦੀ ਹੈ। ਮੈ ਸਾਰਿਆਂ ਕੀਰਤਨੀਆਂ ਦੀ ਗੱਲ ਨਹੀ ਕਰਦਾ, ਕੁੱਝ ਨੂੰ ਗੁਰਬਾਣੀ ਦਾ ਗਿਆਨ ਹੈ ਪਰ ਜ਼ਿਆਦਾਤਰ ਇੰਨ੍ਹਾਂ ਕੀਰਤਨ ਕਰਨ ਅਤੇ ਕਰਵਾਉਣ ਵਾਲਿਆਂ ਨੂੰ ਖੁਦ ਗੁਰਬਾਣੀ ਦੇ ਅਰਥ ਨਹੀ ਆਉਂਦੇ ਤਾਂ ਅੰਦਾਜ਼ਾ ਲਾਓ ਕਿ ਆਮ ਸੰਗਤ ਤੇ ਬੱਚੇ ਕਿਵੇਂ ਗੁਰਬਾਣੀ ਤੋਂ ਸੇਧ ਪ੍ਰਾਪਤ ਕਰ ਸਕਦੇ ਹਨ।
ਗੁਰੂ ਅਰਜਨ ਸਾਹਿਬ ਜੀ ਕੋਲ ਤਿੰਨ ਸਿੱਖ ਭਾਈ ਝਾਝੂ, ਮੁਕੰਦੂ ਤੇ ਕੇਦਾਰਾ ਆਏ ਤੇ ਕਹਿਣ ਲਗੇ, “ਗੁਰੂ ਜੀ ਕੀਰਤਨ, ਕਥਾ ਤੇ ਗੁਰਬਾਣੀ ਦੇ ਪਾਠ ਵਿੱਚ ਕੀ ਅੰਤਰ ਹੈ?” ਤਾਂ ਗੁਰੂ ਜੀ ਕਹਿੰਦੇ ਹਨ, ਹੇ ਭਾਈ ਸਿੱਖੋ! ਪਾਠ ਮਾਨੋ ਖੂਹ ਦੇ ਪਾਣੀ ਦੀ ਨਿਆਈਂ ਹੈ, ਜਿਵੇਂ ਜਦੋਂ ਜੀਅ ਕੀਤਾ ਖੂਹ ਚੋਂ ਪਾਣੀ ਬਾਹਰ ਕੱਢ ਕੇ ਆਪਣੀਆਂ ਪੈਲੀਆਂ ਭਰੀਆਂ ਜਾ ਸਕਦੀਆਂ ਹਨ। ਇਸੇ ਤਰਾਂ ਪਾਠ ਵੀ ਜਦੋਂ ਮਰਜੀ ਕਰ ਸਕੀਦਾ ਹੈ। ਗੁਰੂ ਜੀ ਕਹਿੰਦੇ ਹਨ ਕਿ ਹੇ ਭਾਈ ਕੀਰਤਨ ਮੋਹਲੇਧਾਰ ਵਰਖਾ ਦੀ ਨਿਆਈਂ ਹੈ ਜਿਵੇਂ ਮੋਹਲੇਧਾਰ ਜਦੋਂ ਵਰਖਾ ਹੁੰਦੀ ਹੈ ਤਾਂ ਇੰਝ ਮਹਿਸੂਸ ਹੁੰਦਾ ਹੈ ਕਿ ਧਰਤੀ `ਤੇ ਬਹੁਤ ਪਾਣੀ ਹੋ ਗਿਆ ਹੈ ਪਰ ਜਦੋਂ ਧਰਤੀ ਨੂੰ ਪੁੱਟ ਕੇ ਵੇਖੀਦਾ ਤਾਂ ਹੈਰਾਨ ਹੋ ਜਾਈਦਾ ਹੈ ਕਿ ਉਪਰੋਂ ਉਪਰੋਂ ਥੋੜੀ ਜਿਹੀ ਧਰਤੀ ਗਿੱਲੀ ਹੁੰਦੀ ਹੈ ਤੇ ਥੱਲੇ ਉਸੇ ਤਰਾਂ ਹੀ ਸੁੱਕੀ ਮਿੱਟੀ ਨਿਕਲਦੀ ਹੈ ਇਸੇ ਤਰਾਂ ਜਦੋਂ ਕੀਰਤਨ ਹੁੰਦਾ ਹੈ ਤਾਂ ਸਾਰੀਆ ਸੰਗਤਾਂ ਬਹੁਤ ਝੂਮ-ਝੂਮ ਕੇ ਕੀਰਤਨ ਸੁਣਦੀਆਂ ਹਨ। ਇਸ ਤਰਾਂ ਪਰਤੀਤ ਹੁੰਦਾ ਹੈ ਕਿ ਸਾਰਿਆਂ ਸਰੋਤਿਆਂ ਨੂੰ ਗੁਰਬਾਣੀ ਦੀ ਸਮਝ ਆ ਰਹੀ ਹੈ ਪਰ ਪਤਾ ਉਦੋਂ ਚਲਦਾ ਹੈ ਜਦੋਂ ਹਜ਼ਾਰਾਂ ਸ਼ਬਦਾਂ ਦਾ ਕੀਰਤਨ ਸੁਨਣ ਤੋਂ ਬਾਅਦ ਵੀ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਹੁੰਦੀ। ਗੁਰੂ ਜੀ ਕਥਾ ਦੀ ਮਹਾਨਤਾ ਦਸਦੇ ਹੋਏ ਫੁਰਮਾਉਦੇ ਹਨ ਕੇ ਭਾਈ ਕਥਾ ਨਿੱਕੀ ਨਿੱਕੀ ਕਣੀ ਦੇ ਮੀਂਹ ਬਰਾਬਰ ਹੈ ਜਿਵੇਂ ਨਿੱਕੀ ਨਿੱਕੀ ਕਣੀ ਦਾ ਜਦੋਂ ਮੀਂਹ ਪੈਦਾ ਹੈ ਤਾਂ ਕਈਆਂ ਦੇ ਘਰ ਚੋਣ ਲਗ ਪੈਂਦੇ ਹਨ ਤੇ ਕਈਆਂ ਦੇ ਘਰ ਡਿਗ ਵੀ ਪੈਂਦੇ ਹਨ। ਇਸੇ ਤਰਾਂ ਕਥਾ ਨਾਲ ਜਿਸ ਸਮੇਂ ਗੁਰਬਾਣੀ ਦੇ ਅਰਥਾਂ ਦੀ ਸਮਝ ਪੈਦੀ ਹੈ ਤਾਂ ਇਨਸਾਨ ਦੇ ਅੰਦਰ ਬਣੇ ਕਈ ਵਹਿਮਾਂ ਭਰਮਾਂ ਦੇ ਘਰ ਡਿਗ ਪੈਦੇ ਹਨ ਤੇ ਕਠੋਰ ਹੋਏ ਹਿਰਦੇ ਵਿੱਚੋਂ ਵੀ ਚੰਗੀਆਂ ਵੀਚਾਰਾਂ ਦਾ ਰਸ ਚੋਣ ਲਗ ਪੈਦਾਂ ਹੈ। ਅੱਜ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਿਆਈ ਦਿਵਸ ਮਨਾਇਆ ਜਾਦਾ ਹੈ ਤਾਂ ਗੁਰੂ ਜੀ ਦੇ ਪਾਵਨ ਸਰੂਪ ਨੂੰ ਸਾਰਿਆਂ ਪਿੰਡਾਂ ਤੇ ਸਹਿਰਾਂ ਵਿੱਚ ਘੁਮਾਇਆ ਜਰੂਰ ਜਾਦਾ ਹੈ ਪਰ ਗੁਰਬਾਣੀ ਸਮਝਣ ਲਈ ਕੋਈ ਯਤਨ ਨਹੀ ਕੀਤੇ ਜਾਦੇ ਅਤੇ ਨਾਂ ਹੀ ਬੱਚਿਆਂ ਤੇ ਨੌਜਵਾਨਾਂ ਨੂੰ ਧਰਮ ਦੀ ਸਿਖਿਆ ਦੇਣ ਦਾ ਕੋਈ ਉਪਰਾਲਾ ਕੀਤਾ ਜਾ ਰਿਹਾ ਹੈ ਬੱਸ ਢੋਲਕੀਆਂ ਨਾਲ ਰਾਜ ਕਰੇਗਾ ਖਾਲਸਾ ਜਾਂ ਝੂਲਤੇ ਨਿਸਾਨ ਰਹੇ ਪੰਥ ਮਹਾਰਾਜ ਕੇ ਦੇ ਨਾਅਰੇ ਮਾਰ ਕਿ ਆਪਣਾ ਸਾਰਾ ਜ਼ੋਰ ਲਾਇਆ ਜਾ ਰਿਹਾ ਹੈ। ਹੈਰਾਨੀ ਹੁੰਦੀ ਹੈ ਦੱਸਾਂ ਮਰਲਿਆਂ ਦਾ ਘਰ ਹੈ ਜਿਸ ਵਿੱਚ ਪਤਨੀ ਪੁੱਤਰੀ ਪੁੱਤਰ ਸਾਰੇ ਹੀ ਆਪਣੀ ਆਪਣੀ ਮਰਜੀ ਨਾਲ ਗੁਰੂ ਤੋਂ ਆਕੀ ਹੋਕੇ ਜਿੰਦਗੀ ਬਤੀਤ ਕਰ ਰਹੇ ਹਨ ਪਤਾ ਨਹੀ ਅਸੀ ਕਿਥੇ ਰਾਜ ਕਰਨਾ ਹੈ ਰੱਬ ਹੀ ਜਾਣੇ।
ਇਨ੍ਹਾਂ ਸਾਰਿਆਂ ਕਾਰਜਾਂ ਨੂੰ ਧਿਆਨ ਨਾਲ ਵੇਖਣ ਤੋਂ ਬਾਆਦ ਨਤੀਜਾ ਇਹ ਨਿਕਲਦਾ ਹੈ ਕਿ ਸਭ ਤੋਂ ਹੇਠਲੇ ਪੱਧਰ ਤੇ ਕੰਮ ਕਰਣ ਦੀ ਲੋੜ ਹੈ ਇਸ ਲਈ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਲੋਂ ਪਿੰਡਾਂ ਵਿੱਚ ਬੱਚਿਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਗੁਰਮਤਿ ਸਿਖਲਾਈ ਕੈਂਪ ਲਗਾਏ ਜਾਂਦੇ ਹਨ ਇਨ੍ਹਾਂ ਕੈਂਪਾਂ ਵਿੱਚ ਆਮ ਗੱਲ ਵੇਖਣ ਵਾਲੀ ਇਹ ਸੀ ਕਿ ਜੇਹੜ੍ਹੇ ਬੱਚੇ ਹਰ ਰੋਜ ਸਕੂਲੇ ਜਾਣ ਲਗਿਆਂ ਰੋਂਦੇ ਸਨ ਉਹ ਬੱਚੇ ਐਤਵਾਰ ਵਾਲੇ ਦਿਨ ਵੀ ਹੱਸਦੇ ਹੋਏ ਕੈਂਪਾਂ ਵਿੱਚ ਆਉਦੇ ਸਨ। ਇਸ ਗੱਲ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਬੱਚੇ ਧਰਮ ਦੀ ਸਿਖਿਆ ਲੈਣਾਂ ਲੋਚਦੇ ਹਨ ਪਰ ਅਸੀ ਹੀ ਸਿਖਿਆ ਦੇਣ ਤੋਂ ਅਸਮਰਥ ਰਹੇ ਹਾਂ। ਕਈ ਵਾਰ ਕੈਂਪਾਂ ਦੌਰਾਨ ਇਹ ਵੀ ਸੁਣਣ ਨੂੰ ਮਿਲਿਆ ਹੈ ਕਿ ਕੀ ਲੋੜ ਹੈ ਬੱਚਿਆਂ ਨੂੰ ਸਿਖਿਆ ਦੇਣ ਦੀ ਆਪੇ ਹੀ ਉਹ ਵੱਡੇ ਹੋ ਕੇ ਸਿੱਖ ਬਣ ਜਾਣਗੇ, ਤੇ ਕਈ ਆਖਦੇ ਹਨ ਕਿ ਇਹ ਕੈਂਪਾਂ ਵਿੱਚ ਬੱਚਿਆ ਨੂੰ ਪੜਾਉਣ ਦਾ ਨਵਾ ਹੀ ਕੰਮ ਸੁਰੂ ਹੋ ਗਿਆ ਹੈ ਪਹਿਲਾਂ ਤੇ ਕਦੀ ਕੋਈ ਬੱਚਿਆਂ ਨੂੰ ਇਸ ਤਰਾਂ ਪੜਾਉਦੇ ਨਹੀ ਵੇਖਿਆ ਪਰ ਅਸੀ ਉਹ੍ਹਨਾਂ ਦੇ ਗਿਆਤ ਵਾਸਤੇ ਦੱਸਣਾਂ ਜਰੂਰੀ ਸਮਝਦੇ ਹਾਂ ਕਿ ਇਹ ਬੱਚਿਆਂ ਨੂੰ ਪੜਾਉਣ ਦਾ ਕਾਰਜ ਅਸੀ ਸੁਰੂ ਨਹੀ ਕੀਤਾ ਇਸ ਕਾਰਜ ਦੀ ਅਰੰਭਤਾ ਤਾਂ ਗੁਰੂ ਅਗੰਦ ਸਾਹਿਬ ਜੀ ਆਪ ਹੀ ਕਰ ਗਏ ਹਨ ਜਦੋਂ ਹਮਾਯੂ ਸ਼ੇਰ ਸ਼ਾਹ ਸੂਰੀ ਕੋਲੋ ਹਾਰ ਖਾਹ ਕੇ ਗੁਰੂ ਸਾਹਿਬ ਕੋਲ ਆਇਆ ਸੀ ਤਾਂ ਗੁਰੂ ਜੀ ਉਸ ਵਕਤ ਬੱਚਿਆਂ ਨੂੰ ਗੁਰਮੁਖੀ ਪੜ੍ਹਾ ਰਹੇ ਸਨ। ਇਸ ਘਟਨਾ ਤੋਂ ਪਤਾ ਲਗਦਾ ਹੈ ਕਿ ਬੱਚਿਆਂ ਨੂੰ ਗੁਰਮਤਿ ਦਾ ਗਿਆਨ ਦੇਣਾ ਸਾਡੀ ਜ਼ਿੰਦਗੀ ਦਾ ਜ਼ਰੂਰੀ ਅੰਗ ਹੈ।
ਜਿਵੇਂ ਤੂਤ ਦੀਆਂ ਟਹਿਣੀਆਂ ਜਦੋਂ ਕੋਮਲ ਹੁੰਦੀਆਂ ਹਨ ਤਾਂ ਉਸ ਨੂੰ ਮੋੜ ਕੇ ਉਸ ਦੀਆਂ ਟੋਕਰੀਆਂ, ਟੋਕਰੇ ਤਿਆਰ ਕੀਤੇ ਜਾ ਸਕਦੇ ਹਨ ਪਰ ਜਦੋਂ ਉਹ ਤੂਤ ਦੀਆਂ ਟਹਿਣੀਆਂ ਵੱਡੀਆਂ ਅਤੇ ਸਖਤ ਹੋ ਜਾਂਦੀਆਂ ਹਨ ਉਹ ਟੁੱਟ ਤਾਂ ਜਾਣਗੀਆਂ ਪਰ ਕੋਈ ਉਹਨਾਂ ਨੂੰ ਮੋੜ ਕੇ ਟੋਕਰੇ ਆਦਿ ਤਿਆਰ ਨਹੀਂ ਕਰ ਸਕਦਾ। ਠੀਕ ਇਸੇ ਤਰਾਂ ਜਦੋਂ ਬੱਚਿਆਂ ਦੇ ਕੋਰੇ ਮਨ ਉਪਰ ਗੁਰੂ ਦੀ ਸਿੱਖਿਆ ਲਿਖ ਦਿੱਤੀ ਜਾਏ ਤਾਂ ਉਹ ਬੱਚੇ ਵੱਡੇ ਹੋ ਕੇ ਰੱਬੀ ਗੁਣਾਂ ਨਾਲ ਭਰਪੂਰ ਹੋ ਕੇ ਸੁਚੱਜਾ ਜੀਵਨ ਜਿਉਂਦੇ ਹਨ ਇਸ ਗੱਲ ਦੀ ਗਵਾਹੀ ਬਾਣੀ ਵੀ ਭਰਦੀ ਹੈ।
ਕਬੀਰ ਨਿਰਮਲ ਬੂੰਦ ਅਕਾਸ ਕੀ ਲੀਨੀ ਭੂਮਿ ਮਿਲਾਇ॥ ਅਨਿਕ ਸਿਆਨੇ ਪਚਿ ਗਏ ਨਾ ਨਿਰਵਾਰੀ ਜਾਇ॥
ਭਗਤ ਜੀ ਕਹਿੰਦੇ ਹਨ ਕਿ ਜਿਵੇਂ ਅਕਾਸ਼ ਵਿਚੋਂ ਨਿਰਮਲ ਬੂੰਦ ਧਰਤੀ ਤੇ ਡਿਗਦੀ ਹੈ ਜੇ ਉਸ ਨੂੰ ਉਪਜਾਊ ਧਰਤੀ ਮਿਲ ਜਾਏ ਤਾਂ ਉਹ ਫਸਲ ਦਾ ਰੂਪ ਹੀ ਹੋ ਜਾਂਦੀ ਹੈ। ਫਿਰ ਦੁਨੀਆਂ ਦੀ ਕੋਈ ਵੀ ਤਾਕਤ ਉਸ ਬੂੰਦ ਨੂੰ ਉਸ ਉਪਜਾਊ ਧਰਤੀ ਨਾਲੋਂ ਵੱਖ ਨਹੀਂ ਕਰ ਸਕਦੀ। ਇਹ ਬੱਚੇ ਉਸ ਅਕਾਸ਼ ਵਿਚੋਂ ਡਿੱਗੀ ਹੋਈ ਨਿਰਮਲ ਬੂੰਦ ਵਰਗੇ ਹੁੰਦੇ ਹਨ ਜਿਹਨਾਂ ਨੂੰ ਇਹਨਾਂ ਕੈਂਪਾਂ ਦੁਆਰਾ ਉਪਜਾਊ ਧਰਤੀ ਦੇਣ ਦਾ ਯਤਨ ਕੀਤਾ ਜਾਂਦਾ ਹੈ ਤਾਂ ਕਿ ਇਹਨਾਂ ਨੂੰ ਕਰਮਕਾਂਡਾਂ, ਪਤਿਤਪੁਣੇ, ਦੇਹਧਾਰੀ ਗੁਰੂ ਡੰਮ ਆਦਿਕ ਤਮਾਮ ਹਨੇਰੀਆਂ ਤੋਂ ਬਚਾਇਆ ਜਾ ਸਕੇ। ਕੈਂਪਾਂ ਦੌਰਾਨ ਜਦੋਂ ਬੱਚਿਆਂ ਨੂੰ ਪੁਛਿਆ ਜਾਂਦਾ ਸੀ ਕਿ ਤੁਹਾਡੇ ਕੈਂਪ ਪ੍ਰਤੀ ਕੀ ਵੀਚਾਰ ਹਨ ਤਾਂ ਇੱਕ ਨਹੀਂ ਕਈਆਂ ਬੱਚਿਆਂ ਨੇ ਲਿਖ ਕੇ ਦੱਸਿਆ ਕਿ ਇਹੋ ਜਿਹੀ ਧਰਮ ਦੀ ਸਿੱਖਿਆ ਜਿਹੜੀ ਸਾਨੂੰ ਅੱਜ ਮਿਲ ਰਹੀ ਹੈ ਕਾਸ਼ ਕਿਤੇ ਬਚਪਨ ਵਿੱਚ ਮਿਲੀ ਹੁੰਦੀ ਤਾਂ ਅਸੀਂ ਨਸ਼ੇ ਅਤੇ ਪਤਿਪੁਣੇ ਵਹਿਣ ਵਿੱਚ ਕਦੇ ਨਾ ਵਹਿੰਦੇ। ਇਸੇ ਤਰਾਂ ਵੱਡੀ ਉਮਰ ਦੇ ਨੌਜਵਾਨਾਂ ਨਾਲ ਵੀ ਜਦੋਂ ਗੱਲ ਕੀਤੀ ਤਾਂ ਉਹ ਅੱਗਿਓਂ ਕਹਿੰਦੇ ਹਨ ਕਿ ਵੀਰ ਜੀ! ਅਸੀਂ ਕਈ ਪ੍ਰਕਾਰ ਦੇ ਨਸ਼ਿਆਂ ਵਿੱਚ ਗਰਕ ਹੋ ਚੁੱਕੇ ਹਾਂ ਕੀ ਅਸੀਂ ਵੀ ਨਸ਼ੇ ਤਿਆਗ ਸਕਦੇ ਹਾਂ ਕੀ ਅਸੀਂ ਵੀ ਆਪਣੇ ਮਾਂ ਬਾਪ ਦੀਆਂ ਨਜ਼ਰਾਂ ਵਿੱਚ ਚੰਗੇ ਬਣ ਸਕਦੇ ਹਾਂ? ਤਾਂ ਅਸੀਂ ਉਹਨਾਂ ਨੂੰ ਕਿਹਾ ਕਿ ਵੀਰ ਜੀ ਗੁਰਬਾਣੀ ਵਿੱਚ ਇਹ ਤਾਕਤ ਹੈ ਸਾਡੀ ਜਿੰਦਗੀ ਦੀਆਂ ਤਮਾਮ ਬੁਰਾਈਆਂ ਤੋਂ ਖਹਿੜਾ ਛੁਡਵਾ ਕੇ ਸਾਨੂੰ ਸੁਚੱਜਾ ਜੀਵਨ ਪ੍ਰਦਾਨ ਕਰਵਾ ਸਕਦੀ ਹੈ ਬੱਸ ਜਦੋਂ ਅਸੀ ਗੁਰਬਾਣੀ ਦੇ ਅਸਲੀ ਰਸ ਦਾ ਅਨੰਦ ਮਾਣ ਲਿਆ ਤਾਂ ਸੰਸਾਰ ਦੇ ਹੋਛੇ ਰਸਾਂ ਤੋਂ ਸਾਡੀ ਸੁਰਤ ਉੱਚੀ ਹੋ ਜਾਏਗੀ।
ਇਸ ਲਈ ਬਚਪਨ ਤੋਂ ਧਰਮ ਨਾਲ ਜੋੜਨ ਦੀ ਜੋ ਪ੍ਰਣਾਲੀ ਗੁਰੂ ਅੰਗਦ ਸਾਹਿਬ ਜੀ ਨੇ ਆਰੰਭ ਕੀਤੀ ਸੀ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਉਸੇ ਨੂੰ ਹੀ ਅੱਗੇ ਤੋਰਨ ਦਾ ਯਤਨ ਕਰਦੇ ਰਹੀਏ ਇਸ ਲਈ ਸਾਰੇ ਪੰਥ ਦਰਦੀਆਂ ਨੂੰ ਸਨਿਮਰ ਬੇਨਤੀ ਹੈ ਕਿ ਆਪਣਾ ਵੱਧ ਚੜ੍ਹ ਕੇ ਯੋਗਦਾਨ ਪਾਉਣ ਲਈ ਅੱਗੇ ਆਉਣ ਤਾਂ ਕਿ ਸਾਡੀ ਜ਼ਿੰਦਗੀ ਜਿਉਣ ਦੀ ਚਾਲ ਗੁਰੂ ਦੀ ਚਾਲ ਨਾਲ ਰਲ਼ ਸਕੇ।
ਗੁਰਵਾਕ ਹੈ
ਗੁਰਸਿਖ ਮੀਤ ਚਲਹੁ ਗੁਰ ਚਾਲੀ॥ ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ॥

No comments:

Post a Comment